ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

18 January 2020
ਸਾਲ-10,ਅੰਕ:94, 18ਜਨਵਰੀ2020
ਆਪ ਅੱਜ ਦਿੱਲੀ ਬੰਦ ਰਖੇਗਾ/ਦਿੱਲੀ ਹਾਈਕੋਰਟ ਨੇ ਵੀ ਰਾਹਤ ਨਹੀਂ ਦਿਤੀ
23/01/2018 00:00:00 08:20 AM

ਆਪ ਅੱਜ ਦਿੱਲੀ ਬੰਦ ਰਖੇਗਾ

ਦਿੱਲੀ ਹਾਈਕੋਰਟ ਨੇ ਵੀ ਰਾਹਤ ਨਹੀਂ ਦਿਤੀ

ਕਾਨੂੰਨੀ ਦਾਅ ਪੇਚਾਂ ਨਾਲ ਇਨਕਲਾਬ ਨਹੀਂ ਹੁੰਦੇ

ਲ਼ਾਭ ਦੇ ਪਦ ਉਤੇ ਜਨ-ਪ੍ਰਤੀਨਿਧੀਆਂ ਦੀ ਨਿਯੁਕਤੀ ਦੇ ਮਾਮਲੇ ਵਿਚ ਆਪਣੀਆਂ ਸੀਟਾਂ ਤੋਂ ਹੱਥ ਧੋਣ ਵਾਲੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ 20 ਵਿਧਾਇਕਾਂ ਨੂੰ ਦਿੱਲੀ ਹਾਈਕੋਰਟ ਵਿੱਚੋਂ ਵੀ ਕੋਈ ਰਾਹਤ ਨਹੀਂ ਮਿਲੀ। ਸੁਣਵਾਈ ਦੌਰਾਨ ਦਿੱਲੀ ਹਾਈਕੋਰਟ ਨੇ ਕੋਈ ਵੀ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ।

ਅਦਾਲਤ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਵਿਧਾਇਕਾਂ ਦੇ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕਮਿਸ਼ਨ ਨੇ ਰਾਸ਼ਟਰਪਤੀ ਨੂੰ ਸਿਫਾਰਸ਼ ਭੇਜੀ ਸੀ। ਇਸ ਲਈ ਹੁਣ ਸੁਣਵਾਈ ਦੀ ਕੋਈ ਲੋੜ ਨਹੀਂ। ਚੋਣ ਕਮਿਸ਼ਨ ਨੇ ਕਿਹਾ ਕਿ ਵਿਰੋਧ ਵਿੱਚ ਹਲਫਨਾਮਾ ਲਾਉਣ ਦੀ ਵੀ ਲੋੜ ਨਹੀਂ ਹੈ।

ਅਦਾਲਤ ਨੇ ਵਿਧਾਇਕਾਂ ਨੂੰ ਕਿਹਾ ਕਿ ਅਦਾਲਤ ਵਿੱਚ ਪਟੀਸ਼ਨ ਦੀ ਮੰਗ ਦਾ ਕੋਈ ਮਤਲਬ ਨਹੀਂ। ਤੁਸੀਂ ਜਾਂ ਤਾਂ ਪਟੀਸ਼ਨ ਵਾਪਸ ਲਓ ਜਾਂ ਅਸੀਂ ਇਸ ਨੂੰ ਰੱਦ ਕਰ ਰਹੇ ਹਾਂ। ਇਸ ਤੋਂ ਬਾਅਦ, ਵਿਧਾਇਕਾਂ ਨੇ ਪਟੀਸ਼ਨ ਵਾਪਸ ਲੈ ਲਈ।

ਸਭ ਪਾਸਿਆਂ ਤੋਂ ਨਿਰਾਸ਼ ਆਮ ਆਦਮੀ ਪਾਰਟੀ ਨੇ ਲੋਕ ਅਦਾਲਤ ਵਿਚ ਜਾਣ ਦਾ ਐਲਾਨ ਕੀਤਾ ਹੈ ਅਤੇ ਇਸ ਲਈ 23 ਜਨਵਰੀ ਨੂੰ ਦਿੱਲੀ ਬੰਦ ਦਾ ਐਲਾਨ ਕੀਤਾ ਹੈ।

ਮਿਸ਼ਨ ਜਨਚੇਤਨਾ ਦੀ ਸਪਸ਼ਟ ਰਾਇ ਹੈ ਕਿ ਕਾਨੂੰਨੀ ਦਾਅ ਪੇਚਾਂ ਨਾਲ ਇਨਕਲਾਬ ਨਹੀਂ ਹੁੰਦੇ। ਸਥਾਪਤੀ ਤੋਂ ਬੇਜਾਰ ਲੋਕਾਂ ਕੋਲ ਝੂਠ ਬੋਲ ਕੇ, ਉਹਨਾਂ ਨੂੰ ਸਬਜ਼ਬਾਗ ਦਿਖਾ ਕੇ, ਮਨੋਵਿਗਿਆਨਕ ਤਕਨੀਕਾਂ ਅਪਨਾ ਕੇ ਵੋਟਾਂ ਲਈਆਂ ਜਾ ਸਕਦੀਆਂ ਹਨ, ਆਪਣੇ ਲਈ ਅਹੁੱਦੇ, ਸਹੂਲਤਾਂ ਪਰਾਪਤ ਕੀਤੇ ਜਾ ਸਕਦੇ ਹਨ ਪਰ ਲੋਕਾਂ ਦੀ ਹੋਣੀ ਨਹੀਂ ਬਦਲੀ ਜਾ ਸਕਦੀ। ਤਸਵੀਰ ਬਦਲਣ ਨਾਲ ਤਕਦੀਰ ਨਹੀਂ ਬਦਲਦੀ। ਇਹ ਤਾਂ ਸ਼ੋਸ਼ਨ ਕਰਨ ਦੇ ਆਧੁਨਿਕ ਤਰੀਕੇ ਹਨ। ਇਨਕਲਾਬ ਲਿਆਉਣ ਲਈ ਕੁਰਬਾਨੀਆਂ ਕਰਨੀਆਂ ਪੈਂਦੀਆਂ ਹਨ, ਅਨੁਭਵੀ ਲੋਕਾਂ ਦੇ ਚਰਨਾਂ ਵਿਚ ਬੈਠਣਾ ਪੈਂਦਾ ਹੈ, ਆਪਣੀਆਂ ਗਲਤੀਆਂ ਸਵੀਕਾਰ ਕਰਕੇ ਉਹਨਾਂ ਤੋਂ ਤੌਬਾ ਕਰਨੀ ਪੈਂਦੀ ਹੈ। ਆਪਣੇ ਆਚਰਣ ਨੂੰ ਆਦਰਸ਼ ਵਜੋਂ ਪੇਸ਼ ਕਰਨਾ ਪੈਂਦਾ ਹੈ ਅਤੇ ਅਜਿਹਾ ਕੁਝ ਵੀ ਆਮ ਆਦਮੀ ਪਾਰਟੀ ਅਤੇ ਇਸ ਦੇ ਸੰਸਥਾਪਕ ਅਰਵਿੰਦ ਕੇਜਰੀਵਾਲ ਅਤੇ ਉਸ ਦੇ ਸਾਥੀਆਂ ਵਿਚ ਕਦਾਚਿਤ ਦਿਖਾਈ ਨਹੀਂ ਦਿਤਾ।

ਸਾਡੇ ਉਤੇ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦੇ ਵਿਰੋਧੀ ਹੋਣ ਦਾ ਠੱਪਾ ਭਰਿਸ਼ਟਾਚਾਰ ਵਿਰੁੱਧ ਮੁਹਿੰਮ ਦੇ ਸਮੇਂ ਤੋਂ ਹੀ ਲਗ ਗਿਆ ਸੀ। ਇਸ ਦਾ ਕਾਰਣ ਸਾਡਾ ਗੁਰਮਤਿ ਨਾਲ ਜੁੜਾਵ ਦਸਿਆ ਜਾਂਦਾ ਰਿਹਾ ਹੈ। ਗੁਰਮਤਿ ਨੂੰ ਆਮ ਲੋਕ ਅਕਾਲੀ ਹੋਣ ਨਾਲ ਜੋੜਦੇ ਹਨ। ਸਾਡੇ ਵਲੋਂ ਨੀਲੀ ਦਸਤਾਰ ਸਜਾਉਣ ਨੂੰ ਸਾਡੇ ਅਕਾਲੀ ਹੋਣ ਦੇ ਸਬੂਤ ਵਜੋਂ ਵੀ ਪੇਸ਼ ਕੀਤਾ ਜਾਂਦਾ ਹੈ। ਅਸੀਂ ਇਸ ਦੀ ਸਫਾਈ ਵਿਚ ਕਦੇ ਕੁਝ ਨਹੀਂ ਕਿਹਾ ਕਿਉਂਕਿ ਸਾਡੀ ਸਮੁੱਚੀ ਜਿੰਦਗੀ-ਫਲਸਫਾ, ਵਿਉਹਾਰ, ਕਾਰੋਬਾਰ ਗੁਰਮਤਿ ਦੁਆਲੇ ਹੀ ਘੁੰਮਦਾ ਹੈ। ਅਸੀਂ ਕਹਿਣੀ ਕਰਨੀ ਵਿਚ ਫਰਕ ਨਹੀਂ ਰਖਦੇ। ਇਸੇ ਲਈ ਡਾ. ਹਰਜਿੰਦਰਮੀਤ ਸਿੰਘ ਵਰਗੇ ਦੋਸਤ ਕਹਿੰਦੇ ਰਹੇ ਹਨ ਕਿ ਵਿਉਹਾਰ ਵਿਚ ਦੁਨੀਆਂਦਾਰੀ ਚਾਹੀਦੀ ਹੈ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨਹੀਂ ਪਰ ਅਸੀਂ ਸਭ ਦੀਆਂ ਨਾਰਾਜ਼ਗੀਆਂ ਸਹਿਣ ਕਰਦਿਆਂ ਵੀ ਅੰਦਰੋਂ-ਬਾਹਰੋਂ ਸਦਾ ਇਕੋ ਜਿਹੇ ਹੀ ਰਹੇ ਹਾਂ। ਨੀਲੀ ਦਸਤਾਰ ਸਾਨੂੰ ਦਸਮ ਪਾਤਸ਼ਾਹ ਦੀ ਦੇਣ ਹੈ ਅਤੇ ਇਸ ਨਾਲ ਮਨ ਨੂੰ ਚੜਦੀ ਕਲਾ ਵਿਚ ਰਹਿਣ ਦੀ ਸ਼ਕਤੀ ਮਿਲਦੀ ਹੈ। ਇਹ ਸਾਡਾ ਆਪਣੇ ਆਪ ਨੂੰ ਅਕਾਲੀ ਮੰਨਣ ਦਾ ਕਾਰਣ ਹੈ। ਅਸੀਂ ਇਸ ਤੋਂ ਇਨਕਾਰੀ ਨਹੀਂ ਹਾਂ ਪਰ ਜਿਸ ਤਰਾਂ ਪਿਛਲੇ ਪੰਜ ਸਾਲ ਦਾ ਘਟਨਾ ਕ੍ਰਮ ਚਲਿਆ ਹੈ, ਅਸੀਂ ਮਹਿਸੂਸ ਕਰਦੇ ਹਾਂ ਕਿ ਚੁੱਪ ਰਹਿਣ ਦਾ ਸਮਾਂ ਬੀਤ ਗਿਆ ਹੈ। ਸਾਨੂੰ ਸਭ ਕੁਝ ਤੋਂ ਬੇਲਾਗ ਹੋ ਕੇ ਆਪਣੇ ਪਾਠਕਾਂ ਨੂੰ ਤੱਥਾਂ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। 68 ਸਾਲ ਉਮਰ ਹੋ ਗਈ ਹੈ, ਪਤਾ ਨਹੀਂ ਕਿੰਨੇ ਦਿਨ ਸਾਹਾਂ ਨੇ ਚਲਣਾ ਹੈ। ਅਸੀਂ ਲੜੀਵਾਰ ਹੀ ਸਹੀ, ਵੱਖ ਵੱਖ ਵਿਸ਼ਿਆਂ ਉਤੇ ਪਾਠਕਾਂ ਨਾਲ ਵਿਚਾਰ-ਵਟਾਂਦਰਾ ਜਾਰੀ ਰਖਾਂਗੇ। ਇਹਨਾਂ ਵਿਚ ਇਕ ਅਰਵਿੰਦ ਕੇਜਰੀਵਾਲ ਵੀ ਹੈ।