ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

09/26/2018
ਸਾਲ-8, ਅੰਕ-167, 26ਸਤੰਬਰ2018.

 

 

 .

 

 

ਸਾਲ-8, ਅੰਕ-167, 26ਸਤੰਬਰ2018, 10ਅੱਸੂ ਨਾ.ਸੰ.550.

. ਸਮਕਾਲੀ ਸਰੋਕਾਰ .

550ਵਾਂ ਪ੍ਰਕਾਸ਼ ਪੁਰਬ

ਪੰਜਾਬ ਸਰਕਾਰ ਵਲੋਂ ਬੂਟੇ ਲਾਉਣ ਦੀ ਮੁਹਿੰਮ

ਕੁਦਰਤ ਨਾਲ ਜੁੜਣਾ ਗੁਰੂ ਨਾਨਕ ਦੀ ਸੱਚੀ ਪੈਰੋਕਾਰੀ

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਵਜੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਵਲੋਂ 30 ਸਤੰਬਰ, 2019 ਤੱਕ ਸੂਬੇ ਦੇ ਹਰੇਕ ਪਿੰਡ ਵਿੱਚ 550 ਬੂਟੇ ਲਾਉਣ ਦੀ ਵਿਆਪਕ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਸਾਰੇ 12700 ਪਿੰਡਾਂ ਵਿੱਚ 66 ਲੱਖ ਮੌਸਮੀ ਬੂਟੇ ਲਾਏ ਜਾਣਗੇ ਅਤੇ ਇਹ ਬੂਟੇ ਬਿਲਕੁਲ ਮੁਫਤ ਮੁਹੱਈਆ ਕਰਵਾਏ ਜਾਣਗੇ। 

ਪੰਜਾਬ ਸਰਕਾਰ ਵਲੋਂ ਪੌਦੇ ਲਾਉਣ ਦੀ ਇਸ ਮੁਹਿੰਮ ਨੂੰ ਗੰਭੀਰਤਾ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਨੂੰ ਸਾਰਥਿਕ ਸ਼ਰਧਾਜਲੀ ਦਿਤੀ ਜਾ ਸਕਦੀ ਹੈ। ਗੁਰੂ ਸਾਹਿਬ ਬੇਸ਼ਕ ਅਧਿਆਤਮਵਾਦੀ ਮਹਾਪੁਰਖ ਸਨ-ਸੱਚੇ, ਸਦੀਵੀ, ਨਿਰਭਉ, ਨਿਰਵੈਰ, ਅਕਾਲ, ਜਨਮ ਮਰਨ ਤੋਂ ਮੁਕਤ, ਸਰਬ-ਵਿਆਪਕ ਕਰਤਾਰ ਉਤੇ ਉਹਨਾਂ ਦਾ ਵਿਸ਼ਵਾਸ ਸੀ ਪਰ ਉਹ ਕਰਤਾ ਕਿਸੇ ਅਸਮਾਨ ਉਤੇ ਬੈਠ ਕੇ ਕਿਸਮਤ ਲਿਖਣ ਵਾਲਾ ਹਾਕਮ ਨਹੀਂ ਸਗੋਂ ਨਿਯਮਾਂ ਵਿਚ ਬੱਝੀ ਸ਼ਕਤੀ, ਤਾਕਤ ਹੈ ਜਿਸ ਨੂੰ ਕੁਦਰਤ ਵਿਚੋਂ ਵੀ ਲੱਭਿਆ ਜਾ ਸਕਦਾ ਹੈ। ਵਿਉਹਾਰ ਵਿਚ ਮਨੁੱਖ ਕੁਦਰਤ ਦਾ ਹਿੱਸਾ ਹੈ ਅਤੇ ਆਪਣੇ ਜੀਵਨ ਲਈ ਕੁਦਰਤ ਉਤੇ ਨਿਰਭਰ ਹੈ। ਕੁਦਰਤੀ ਜੀਵਨ ਜੀਊ ਕੇ ਹੀ ਉਹ ਖੁਸ਼, ਸੰਤੁਸ਼ਟ, ਸੁਰੱਖਿਅਤ ਰਹਿ ਸਕਦਾ ਹੈ। ਜਦੋਂ ਵੀ ਮਨੁੱਖ ਨੇ ਕੁਦਰਤ ਦੇ ਸੰਤੁਲਣ ਨੂੰ ਵਿਗਾੜਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਲਈ ਮੁਸ਼ਕਿਲਾਂ ਪੈਦਾ ਕੀਤੀਆ ਹਨ ਅਤੇ ਇਹਨਾਂ ਮੁਸ਼ਕਿਲਾਂ ਦਾ ਅੰਤ ਸਭਿਅਤਾ ਦੇ ਖਾਤਮੇ ਨਾਲ ਹੀ ਹੋਇਆ ਹੈ। ਮਨੁੱਖ ਨੂੰ  ਫਿਰ ਮੁੱਢ ਤੋਂ ਸ਼ੁਰੂ ਕਰਨਾ ਪਿਆ ਹੈ। ਸਾਡਾ ਵਰਤਮਾਨ ਜੀਵਨ ਆਦਿ-ਅੰਤ ਦੇ ਇਸ ਖੇਲ ਨੂੰ ਬਖੂਬੀ ਰੂਪਮਾਨ ਕਰ ਰਿਹਾ ਹੈ। ਅਸੀਂ ਮੰਗਲ ਤਕ ਤਾਂ ਪਹੁੰਚ ਗਏ ਹਾਂ ਪਰ ਸਾਡੇ ਲਈ ਦਿੱਲੀ ਵਰਗੇ ਸ਼ਹਿਰਾਂ ਵਿਚ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਗੁਰੂਆਂ ਦੇ ਨਾਂ ਉਤੇ ਜੀਊਂਦੇ ਪੰਜਾਬ ਨੂੰ ਕੁਦਰਤ ਨਾਲ ਜੋੜਣ ਦਾ ਜੋ ਫੈਸਲਾ ਲਿਆ ਹੈ, ਉਸ ਦੀ ਅਸੀਂ ਸ਼ਲਾਘਾ ਕਰਤੇ ਦਾਂ ਅਤੇ ਇਸ ਉਤੇ ਅਮਲ ਕਰਨ ਲਈ ਹਰ ਤਰਾਂ ਦੇ ਸਹਿਯੋਗ ਦਾ ਵਿਸ਼ਵਾਸ ਵੀ ਦਿਵਾਉਂਦੇ ਹਾਂ। ਇਹ ਸਾਡਾ ਫਰਜ਼ ਵੀ ਹੈ ਅਤੇ ਇਸੇ ਵਿਚ ਸਾਡੀ ਭਲਾਈ ਹੈ। ਪੰਜਾਬ ਇਸ ਵੇਲੇ ਪਾਣੀ ਦੇ ਗੰਭੀਰ ਸੰਕਟ ਦਾ ਸ਼ਿਕਾਰ ਹੈ। ਦਰਿਆਵਾਂ ਦੀ ਇਸ ਧਰਤੀ ਉਤੇ ਪਾਣੀ ਦਾ ਸੰਕਟ ਅਸੀਂ ਆਪ ਪੈਦਾ ਕੀਤਾ ਹੈ ਅਤੇ ਇਸ ਦਾ ਹੱਲ ਵੀ ਸਾਨੂੰ ਸਭ ਨੂੰ ਮਿਲ ਕੇ ਕਰਨਾ ਪਇਗਾ ਅਤੇ ਘਰ ਘਰ ਪੌਦੇ ਲਾਉਣੇ, ਹਰਿਆਵਲ ਕਰਨੀ ਇਸ ਵਲ ਸਾਰਥਕ ਕਦਮ ਹੈ। ਜਨਤਾ ਦੇ ਸਹਿਯੋਗ ਬਿਨਾਂ ਇਸ ਵਿਚ ਸਫਲ ਨਹੀਂ ਹੋਇਆ ਜਾ ਸਕੇਗਾ ਪਰ ਕੀ ਪੰਜਾਬ ਸਰਕਾਰ ਆਪਣੀ ਯੋਜਨਾ ਉਤੇ ਅਮਲ ਕਰ ਸਕੇਗੀ ਅਤੇ ਪੰਜਾਬ ਵਾਸੀਆਂ ਨੂੰ ਇਸ ਲਈ ਤਿਆਰ ਕਰ ਸਕੇਗੀ? ਪਾਣੀ ਦੇ ਸੰਕਟ ਨੂੰ ਹੱਲ ਕਰਨ ਲਈ ਬਹੁਤ ਸਾਰੇ ਸਰਕਾਰੀ ਯਤਨ ਹੋ ਚੁੱਕੇ ਹਨ, ਕੈਪਟਨ ਸਾਹਿਬ ਦੇ ਪਿਛਲੇ ਕਾਲ ਵਿਚ ਵੀ ਕੀਤੇ ਗਏ ਸਨ ਪਰ ਅਮਲ ਕਰਨ ਵਿਚ ਅਨਗਹਿਲੀ ਅਤੇ ਸਰੋਤਾਂ ਦੀ ਘਾਟ ਕਾਰਣ ਕਿਸੇ ਵਿਚ ਵੀ ਸਫਲਤਾ ਨਹੀਂ ਮਿਲੀ। 12700 ਪਿੰਡਾਂ ਵਿਚ 66 ਲੱਖ ਪੌਦੇ ਲਵਾਉਣਾ ਖਾਲਾ ਜੀ ਦਾ ਵਾੜਾ ਨਹੀਂ ਹੈ। ਸਰਕਾਰੀ ਅਮਲੇ ਦੀ ਕਾਰਗੁਜ਼ਾਰੀ ਇਸ ਦੀ ਗਵਾਹੀ ਨਹੀਂ ਦਿੰਦੀ। ਕੈਪਟਨ ਸਾਹਿਬ ਦੀ ਆਪਣੀ ਜੀਵਨ ਸ਼ੈਲੀ  ਕੰਮ ਕਰਵਾਉਣ ਵਾਲੀ ਕਦਾਚਿਤ ਨਹੀਂ ਅਤੇ ਸਭ ਤੋਂ ਵੱਡਾ ਸੁਆਲ ਇਹਨਾਂ ਬੂਟਿਆਂ ਦੀ ਸੇਵਾ ਸੰਭਾਲ ਦਾ ਹੈ। ਜਦ ਤਕ ਉਸ ਪਾਸੇ ਕੋਈ ਠੋਸ ਯੋਜਨਾ ਨਹੀ ਬਣੇਗੀ, ਇਹਨਾਂ ਪੌਦਿਆਂ ਨੂਂੰ ਕੋਈ ਪਾਣੀ ਤਕ ਨਹੀਂ ਦੇਵੇਗਾ ਅਤੇ ਸਰਕਾਰ ਦੀ ਇਹ ਯੋਜਨਾ ਵੀ ਰਾਜਸੀ ਲੋਕਾਂ ਦੀ ਨਾਅਰੇਬਾਜ਼ੀ ਦੇ ਖਾਤੇ ਵਿਚ ਪੈ ਜਾਇਗੀ-ਖਰਚ ਹੋ ਜਾਇਗਾ ਪਰ ਪਰਾਪਤੀ ਸਿਫਰ।

. ਸਾਡੀ ਵਿਰਾਸਤ .

ਵਿਰਾਸਤੀ ਇਮਾਰਤਾਂ

ਇਤਿਹਾਸ ਨੂੰ ਸੰਗਮਰਮਰ ਨਾਲ ਨਾ ਢਕੋ

ਵਿਗਿਆਨਕ ਤਕਨੀਕੀ ਸੇਵਾ ਸੰਭਾਲ ਦਾ ਕਾਰਜ ਕਰੇ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਇਮਾਰਤ ਨੂੰ ਵਿਸ਼ਾਲ ਬਨਾਉਣ ਲਈ ਸੰਤ ਭੂਰੀ ਵਾਲਿਆਂ ਤੋਂ ਕਾਰ ਸੇਵਾ ਕਰਵਾਉਣ ਦੀ ਤਜਵੀਜ਼ ਹੈ ਅਤੇ ਜੇ ਪ੍ਰਬੰਧਕ ਇਸ ਤਜਵੀਜ਼ ਨੂੰ ਅਮਲੀ ਰੂਪ ਦਿੰਦੇ ਹਨ ਤਾਂ ਇਹ ਲਿਖਤ ਪਾਠਕਾਂ ਤਕ ਪਹੁੰਚਣ ਸਮੇਂ ਤਕ ਕਾਰ ਸੇਵਾ ਆਰੰਭ ਹੋ ਚੁੱਕੀ ਹੋਵੇਗੀ।

 

 

 

 

 

 

 

 

 

 

 

 

ਗੁਰਧਾਮਾਂ ਦੀ ਸੇਵਾ ਸੰਭਾਲ ਦਾ ਪੱਵਿਤਰ ਕਾਰਜ ਸੰਗਤਾਂ ਮਿਲ ਕੇ ਕਰਦੀਆਂ ਆਈਆਂ ਹਨ। ਇਹ ਪਰੰਪਰਾ ਗੁਰੂ ਕਾਲ ਸਮੇਂ ਤੋਂ ਚਲਦੀ ਆ ਰਹੀ ਹੈ। ਅੱਜ ਵੀ ਸਰੋਵਰਾਂ ਦੀ ਕਾਰ ਸੇਵਾ ਸਮੇਂ ਸਿੱਖ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਜਾਂਦੀਆਂ ਹਨ ਪਰ ਇਮਾਰਤੀ ਕੰਮ ਅਕਸਰ ਰਾਜਾਂ-ਮਿਸਤਰੀਆਂ ਨੇ ਕਰਨਾ ਹੁੰਦਾ ਹੈ, ਇਸ ਲਈ ਇਹ ਕਾਰਜ ਕਾਰ-ਸੇਵਾ ਕਰਨ ਵਾਲੇ ਬਾਬਿਆਂ ਦੇ ਹਵਾਲੇ ਕਰ ਦਿਤਾ ਜਾਂਦਾ ਹੈ। ਬਾਬਾ ਹਰਬੰਸ ਸਿੰਘ ਵਰਗਿਆਂ ਨੇ ਇਹ ਸੇਵਾ ਬੜੀ ਸ਼ਰਧਾ, ਉਤਸ਼ਾਹ ਅਤੇ ਕਾਰੀਗਰੀ ਨਾਲ ਕੀਤੀ ਹੈ। ਕਾਰ ਸੇਵਾ ਕਰਵਾਉਣ ਵਾਲਿਆਂ ਵਿਚ ਬਾਬਾ ਖੜਕ ਸਿੰਘ ਬੜਾ ਮਾਣਯੋਗ ਸਥਾਨ ਰਿਹਾ ਹੈ। ਸੰਤ ਭੂਰੀ ਵਾਲੇ ਵੀ ਇਸੇ ਸ਼ਰੇਣੀ ਵਿਚ ਸ਼ਾਮਿਲ ਕੀਤੇ ਜਾਂਦੇ ਹਨ।

ਕਾਰ ਸੇਵਾ ਵਾਲਿਆਂ ਬਾਬਿਆਂ ਨੇ ਬੜੇ ਵੱਡੇ ਕਾਰਜ ਕੀਤੇ ਹਨ। ਸ਼ਾਇਦ ਹੀ ਕੋਈ ਅਜਿਹਾ ਗੁਰੂ ਘਰ ਹੋਵੇ ਜਿਥੇ ਸੰਗਮਰਮਰ ਨਾ ਲਗਾ ਹੋਵੇ। ਗੁਰਦੁਆਰਾ ਸਾਹਿਬਾਨ ਨੂੰ ਵਿਸ਼ਾਲ ਬਣਾਇਆ ਗਿਆ ਹੈ, ਉਹਨਾਂ ਨੂੰ ਸੋਨੇ ਨਾਲ ਲੱਦ ਦਿਤਾ ਗਿਆ ਹੈ। ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਤਕ ਕਾਰ ਸੇਵਾ ਵਾਲਿਆਂ ਬਾਬਿਆਂ ਨੇ ਖੜੀਆਂ ਕਰ ਦਿਤੀਆਂ ਹਨ। ਇਹ ਕੋਈ ਸੌਖਾ ਕੰਮ ਨਹੀਂ ਹੈ। ਸਖਤ ਮਿਹਨਤ ਅਤੇ ਲਗਨ ਲਈ ਕਾਰ ਸੇਵਾ ਵਾਲੇ ਬਾਬੇ ਪ੍ਰਸੰਸਾ ਦਾ ਹੱਕਦਾਰ ਹਨ।

ਪਰ ਇਕ ਅਨਗਹਿਲੀ ਇਹ ਵੱਡਮੁੱਲੀ ਸੇਵਾ ਕਰਦਿਆਂ ਹੋਈ ਹੈ ਕਿ ਵਿਰਾਸਤੀ ਥਾਵਾਂ ਨੂੰ ਸੰਗਮਰਮਰ ਦੀ ਸਫਾਈ ਅਤੇ ਸੋਨੇ ਦੀ ਚਮਕ ਵਿਚ ਦਬਾ ਦਿਤਾ ਗਿਆ ਹੈ। ਸਿੱਖਾਂ ਨੇ ਗੁਰਮਤਿ ਨੂੰ ਰੁਮਾਲਿਆਂ ਵਿਚ ਲੁਕੋ ਲਿਆ ਹੈ ਅਤੇ ਕਾਰ ਸੇਵਾ ਵਾਲਿਆਂ ਇਤਿਹਾਸ ਨੂੰ ਸੰਗਮਰਮਰ ਅਤੇ ਸੋਨੇ ਵਿਚ ਮੜ ਦਿਤਾ ਹੈ। ਇਸ ਲਈ ਜਾਗਰੂਕ ਸਿੱਖਾਂ ਵਲੋਂ ਕਾਰ ਸੇਵਾ ਵਾਲਿਆਂ ਦਾ ਵਿਰੋਧ ਹੁੰਦਾ ਹੈ ਜਿਵੇਂ ਕਿ ਸੋਸ਼ਲ ਮੀਡੀਆ ਵਿਚ ਪੋਸਟ ਇਸ ਤਸਵੀਰ ਵਿਚ ਦਿਖਾਇਆ ਗਿਆ ਹੈ।

ਹਾਲਾਂ ਕਿ ਅਸੀਂ ਨਾ ਇਸ ਪੋਸਟ ਵਿਚ ਲਾਏ ਗਏ ਇਲਜਾਮ ਨਾਲ ਸਹਿਮਤ ਹਾਂ ਅਤੇ ਨਾ ਹੀ ਅਸੀਂ ਸੇਵਾ ਕਰਨ ਅਤੇ ਕਰਾਉਣ ਵਾਲੇ ਮਹਾਪੁਰਖਾਂ ਲਈ ਵਰਤੀ ਗਈ ਸ਼ੈਲੀ ਦੀ ਪਰੋੜਤਾ ਕਰਦੇ ਹਾਂ ਪਰ ਇਸ ਦੀ ਭਾਵਨਾ ਨਾਲ ਸਾਡੀ ਸ਼ਤ ਪ੍ਰਤੀ ਸ਼ਤ ਸਹਿਮਤੀ ਹੈ ਕਿ ਫਤਹਿਗੜ ਸਾਹਿਬ ਵਿਚ ਠੰਡੇ ਬੁਰਜ ਨੂੰ ਗੁਰਦੁਆਰਾ ਬਣਾ ਕੇ ਗੁਰੂ ਗ੍ਰੰਥ ਸਾਹਬ ਦੇ ਪ੍ਰਕਾਸ਼ ਦੀ ਬਨਿਸਬਤ ਜਿਉਂ ਦਾ ਤਿਉਂ ਰਖਣਾ ਵਧੇਰੇ ਸਾਰਥਕ ਹੁੰਦਾ। 1984 ਵਿਚ ਅਕਾਲ ਤਖਤ ਸਾਹਿਬ  ਉਤੇ ਹੋਏ ਹਮਲੇ ਦੀ ਯਾਦਗਾਰ ਵਧੇਰੇ ਪ੍ਰਭਾਵਸ਼ਾਲੀ ਹੁੰਦੀ ਜੇ ਉਸ ਨੂੰ ਉਸੇ ਹਾਲਤ ਵਿਚ ਬਣਾਈ ਰਖਿਆ ਜਾਂਦਾ। ਏਸੇ ਤਰਾਂ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਸ ਦੇ ਪਰਿਵਾਰ ਦੀ ਘਾਲਣਾ ਛੋਟੀ ਨਹੀਂ। ਉਹਨਾਂ ਜਾਨ ਜੋਖੋਂ ਵਿਚ ਪਾ ਕੇ ਨੌਵੇਂ ਪਾਤਸ਼ਾਹ ਦਾ ਸਰੀਰ ਰਕਾਬ ਗੰਜ ਸਾਹਿਬ ਵਿਖੇ ਲਿਆਂਦਾ ਅਤੇ ਆਪਣਾ ਘਰ ਸਾੜ ਕੇ ਗੁਰੂ ਸਾਹਿਬ ਦਾ ਸਸਕਾਰ ਕੀਤਾ। ਸਾਨੂੰ ਦੁੱਖ ਹੈ ਕਿ ਕੌਮ ਨੇ ਇਕ ਹਾਲ ਬਣਾ ਕੇ ਉਹਨਾਂ ਦੀ ਸੇਵਾ ਨੂੰ ਵਿਸਾਰ ਦਿਤਾ ਹੈ। ਕਿੰਨਾ ਚੰਗਾ ਹੁੰਦਾ ਜੇ ਸਸਕਾਰ ਵਾਲੀ ਥਾਂ ਉਤੇ ਉਸੇ ਸਥਿਤੀ ਦਾ ਨਿਰਮਾਣ ਹੁੰਦਾ ਜਿਸ ਵਿਚ ਗੁਰੂ ਜੀ ਦਾ ਸਸਕਾਰ ਕੀਤਾ ਗਿਆ। ਇਹ ਯਾਦਗਾਰ ਵਧੇਰੇ ਪ੍ਰਭਾਵੀ ਅਤੇ ਅਰਥਪੂਰਨ ਹੁੰਦੀ। ਇਸ ਦਾ ਇਹ ਅਰਥ ਨਹੀਂ ਕਿ ਗੁਰਦੁਆਰਾ ਸਾਹਿਬ ਦਾ ਨਿਰਮਾਣ ਨਾ ਕੀਤਾ ਜਾਵੇ ਜਾਂ ਮਾਡਰਨ ਤਕਨੀਕੀ ਨੂੰ ਨਾ ਵਰਤਿਆ ਜਾਵੇ। ਗੁਰਦੁਆਰਾ ਗੁਰਮਤਿ ਸਭਿਆਚਾਰ ਨੂੰ ਰੂਪਮਾਨ ਕਰਦਾ ਹੈ ਅਤੇ ਨਵੀਂ, ਵਿਕਸਿਤ ਤਕਨੀਕ ਯਾਦਗਾਰ ਨੂੰ ਉਸ ਦੇ ਅਸਲ ਰੂਪ ਵਿਚ ਬਣਾਈ ਰੱਖਣ ਵਿਚ ਸਹਾਈ ਹੁੰਦੀ ਹੈ। ਹਜਾਰਾਂ ਸਾਲ ਪੁਰਾਣੀਆਂ ਮੰਮੀਆਂ ਨੂਂ ਇਸ ਤਕਨੀਕ ਸਦਕਾ ਹੀ ਬਣਾਈ ਰਖਿਆ ਜਾ ਸਕਿਆ ਹੈ।

ਸ.ਮਨਜੀਤ ਸਿੰਘ ਜੀ.ਕੇ ਨੇ ਇਕ ਵੀਡੀਓ ਰਾਹੀਂ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਵਿਰਾਸਤੀ ਸਥਾਨਾਂ ਨੂੰ ਛੇੜਿਆ ਨਹੀਂ ਜਾ ਰਿਹਾ, ਸਿਰਫ ਸਥਾਨ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਢਾਹੀ ਗਈ ਗੁਫਾ ਦੀ ਮੁੜ ਉਸਾਰੀ ਦਾ ਵਾਅਦਾ ਕੀਤਾ ਹੈ। ਅਸੀਂ ਸਮਝਦੇ ਹਾਂ ਕਿ ਵਿਰਾਸਤੀ ਥਾਵਾਂ ਦੀ ਸੇਵਾ ਸੰਭਾਲ ਸਮੇਂ ਗੁਰਮਤਿ ਦੇ ਨਿਯਮਾਂ, ਪਰੰਪਰਾਵਾਂ, ਮਾਨਤਾਵਾਂ ਅਤੇ ਸੰਸਥਾਵਾਂ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲਏ ਜਾਣ। ਉਂਝ ਸ.ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਵਿਚ ਦਿੱਲੀ ਕਮੇਟੀ ਵਿਕਾਸ ਦੇ ਪੱਖੋਂ ਵੀ ਵਧੀਆ ਅਤੇ ਉਸਾਰੂ ਕੰਮ ਕਰ ਰਹੀ ਹੈ ਜਿਸ ਦੀ ਸਾਨੂੰ ਸਭ ਨੂੰ ਪ੍ਰਸੰਸਾ ਕਰਨੀ ਚਾਹੀਦੀ ਹੈ। 

 . ਸੁੱਖੀ ਸੁਰੱਖਿਅਤ ਜੀਵਨ .

ਅੱਖਾਂ ਮੀਟਿਆਂ ਸਮੱਸਿਆਵਾਂ ਨਹੀਂ ਸੁਲਝਦੀਆਂ

ਸੁੱਖੀ, ਸੁਰੱਖਿਅਤ ਜੀਵਨ ਉਸਾਰਨਾ ਪੈਂਦਾ ਹੈ 

ਆਓ! ਉਸ ਲਈ ਮੁਹਿੰਮ ਚਲਾਈਏ!

ਸਾਰਵਜਨਕ ਜੀਵਨ ਵਿਚ ਭਰਿਸ਼ਟਾਚਾਰ, ਮਹਿੰਗਾਈ, ਸਿਹਤ ਸੇਵਾਵਾਂ ਦੀ ਅਨਹੋਂਦ, ਸਿੱਖਿਆ ਦਾ ਡਿਗਦਾ ਮਿਆਰ, ਦਿਨ-ਬਦਿਨ ਵੱਧਦੀ ਬੇਰੁਜ਼ਗਾਰੀ, ਬੌਧਿਕ ਪਿਛੜਾਪਣ, ਨਸ਼ੇ, ਸਮਾਜਿਕ ਨਾ-ਬਰਾਬਰੀ, ਵਾਤਾਵਰਣ ਵਿਚ ਵਿਗਾੜ, ਫਿਰਕਾਪ੍ਰਸਤੀ ਅਤੇ ਲਾ-ਕਾਨੂੰਨੀ  ਅਜਿਹੀਆਂ ਸਮੱਸਿਆਵਾਂ ਹਨ ਜਿਹੜੀਆਂ ਅਸੀਂ ਦੇਸ਼ ਦੇ ਦੂਸਰੇ ਸੂਬਿਆਂ ਨਾਲ ਭੋਗ ਰਹੇ ਹਾਂ ਪਰ ਦੇਸ਼ ਦੀ ਆਜਾਦੀ ਵੇਲੇ ਤੋਂ ਹੀ ਕੇਂਦਰੀ ਸਰਕਾਰਾਂ ਵੀ ਪੰਜਾਬ ਵੀ ਮਤਰੇਆ ਸਲੂਕ ਕਰਦੀਆਂ ਆ ਰਹੀਆਂ ਹਨ-ਸਾਡੇ ਤੋਂ ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ, ਡੈਮ, ਬਿਜਲੀ ਉਤਪਾਦਕ ਇਕਾਈਆਂ ਖੋਹ ਲਈਆਂ ਗਈਆਂ ਹਨ ਅਤੇ ਗੁਆਂਢੀ ਸੂਬਿਆਂ ਨੂੰ ਸਹੂਲਤਾਂ ਦੇ ਕੇ ਸਾਡੇ ਕਾਰਖਾਨੇ ਵੀ ਬੰਦ ਕਰਵਾਏ ਜਾ ਰਹੇ ਹਨ। ਸਰਹੱਦੀ ਸੂਬਾ ਹੋਣ ਦਾ ਬਹਾਨਾ ਲਾ ਕੇ ਸਾਨੂੰ ਕੋਈ ਵੱਡਾ ਪ੍ਰਾਜੈਕਟ ਵੀ ਨਹੀਂ ਦਿਤਾ ਗਿਆ। ਅਸੀਂ ਦੇਸ਼ ਵਿਚ ਪਹਿਲੇ ਨੰਬਰ ਉਤੇ ਰਹਿੰਦੇ ਸਾਂ, ਕੇਂਦਰ ਦੇ ਪੱਖ ਪਾਤ ਕਾਰਣ ਅੱਜ ਅੱਠਵੀਂ ਥਾਂ ਚਲੇ ਗਏ ਹਾਂ। ਸਾਨੂੰ ਜ਼ਬਰਦਸਤੀ ਪੂੰਜੀਵਾਦੀ ਆਰਥਿਕਤਾ ਵਲ ਧੱਕਿਆ ਜਾ ਰਿਹਾ ਹੈ। ਇਸ ਤੋਂ ਵੀ ਵੱਧ ਸਾਡੇ ਕੋਲੋਂ ਲਿਖਣ-ਬੋਲਣ ਦੀ ਆਜਾਦੀ ਖੋਹ ਲਈ ਗਈ ਹੈ। ਸਰਕਾਰ ਸਾਨੂੰ ਦਸਣ ਲਗ ਗਈ ਹੈ ਕਿ ਅਸੀਂ ਕੀ ਖਾਈਏ, ਕੀ ਪਹਿਂਨੀਏ।

ਅਸੀਂ ਨਿਗੁਣੇ ਮੁੱਦਿਆਂ ਉਤੇ ਅੰਦੋਲਨ ਕਰਦੇ ਹਾਂ ਪਰ ਆਪਣੀਆਂ ਅਸਲ ਸਮੱਸਿਆਵਾਂ ਵਲੋਂ ਅੱਖਾਂ ਮੀਟੀ ਬੈਠੇ ਹਾਂ।